ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਣੇ ਦੋ ਦੋਸਤ ਦੇਸ਼ਾਂ ਸਊਦੀ ਅਰਬ ਤੇ ਈਰਾਨ ਵਿਚਾਲੇ ਸੁਲ੍ਹਾ ਕਰਵਾਉਣ ਦੇ ਚੱਕਰਾਂ ’ਚ ਹਨ ਪਰ ਇਸ ਮਾਮਲੇ ’ਚ ਉਨ੍ਹਾਂ ਨੂੰ ਨਾਕਾਮੀ ਹੱਥ ਲੱਗੀ ਹੈ। ਦਰਅਸਲ, ਸਊਦੀ ਅਰਬ ਦੇ ਵਿਦੇਸ਼ ਮੰਤਰੀ ਅਬਦੁਲ ਅਲ–ਜ਼ੁਬੈਰ ਨੇ ਆਖ ਦਿੱਤਾ ਹੈ ਕਿ ਈਰਾਨ ਨਾਲ ਉਨ੍ਹਾਂ ਦੇ ਦੇਸ਼ ਦੀ ਗੱਲਬਾਤ ਵਿੱਚ ਪਾਕਿਸਤਾਨ ਕੋਈ ਵਿਚੋਲਗੀ ਨਹੀਂ ਕਰ ਰਿਹਾ।
ਰੋਜ਼ਾਨਾ ‘ਮਿਡਲ ਈਸਟ ਆਈ’ ਮੁਤਾਬਕ ਸਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ – ‘ਅਸੀਂ ਕਿਸੇ ਤਰ੍ਹਾਂ ਦੀ ਵਿਚੋਲਗੀ ਨਹੀਂ ਕਰਵਾ ਰਹੇ। ਲੋਕ ਸਾਡੇ ਕੋਲ ਆਪਣੇ ਵਿਚਾਰ ਲੈ ਕੇ ਜ਼ਰੂਰ ਆਉਂਦੇ ਹਨ ਤੇ ਅਸੀਂ ਉਨ੍ਹਾਂ ਨੂੰ ਆਪਣਾ ਜਵਾਬ ਦੇ ਦਿੰਦੇ ਹਾਂ। ਸਾਨੂੰ ਇਸ ਮਾਮਲੇ ’ਚ ਕੋਈ ਠੋਸ ਕਾਰਵਾਈ ਚਾਹੀਦੀ ਹੈ; ਨਾ ਕਿ ਫੋਕੀਆਂ ਗੱਲਾਂ।’
ਸਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਬੀਤੇ ਸਤੰਬਰ ਮਹੀਨੇ ਸਊਦੀ ਅਰਬ ਦੇ ਤੇਲ ਪਲਾਂਟਾਂ ਉੱਤੇ ਹੋਏ ਹਮਲੇ ’ਚ ਈਰਾਨ ਵਿੱਚ ਬਣੀਆਂ ਮਿਸਾਇਲਾਂ ਦੀ ਵਰਤੋਂ ਹੋਈ ਸੀ ਤੇ ਤਹਿਰਾਨ ਨੂੰ ਦੁਨੀਆ ਭਰ ’ਚ ਹਿੰਸਾ ਫੈਲਾਉਣੀ ਬੰਦ ਕਰਨੀ ਚਾਹੀਦੀ ਹੈ। ਸ੍ਰੀ ਅਬਦੁਲ ਨੇ ਕਿਹਾ ਕਿ ਜੇ ਈਰਾਨ ਚਾਹੁੰਦਾ ਹੈ ਕਿ ਜੇ ਈਰਾਨ ਚਾਹੁੰਦਾ ਹੈ ਕਿ ਉਸ ਨਾਲ ਗੱਲਬਾਤ ਦਾ ਸੁਆਗਤ ਹੋਵੇ, ਤਾਂ ਉਸ ਨੂੰ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਦਿਆਂ ਆਪਣਾ ਵਿਵਹਾਰ ਇੱਕ ਆਮ ਦੇਸ਼ ਵਾਂਗ ਰੱਖਣਾ ਚਾਹੀਦਾ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਮੁਸਲਿਮ ਦੇਸ਼ਾਂ ਦੀ ਏਕਤਾ ਉੱਤੇ ਜ਼ੋਰ ਦਿੱਤਾ ਸੀ। ਉਨ੍ਹਾਂ ਆਖਿਆ ਸੀ ਕਿ ਪਾਕਿਸਤਾਨ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਸ਼ੁਰੂ ਕਰਵਾਉਣ ਲਈ ਹੀ ਨਹੀਂ, ਸਗੋਂ ਇਸਲਾਮਾਬਾਦ ’ਚ ਇਨ੍ਹਾਂ ਦੋਵੇਂ ਦੇਸ਼ਾਂ ਦੀ ਇੱਕ ਮੀਟਿੰਗ ਵੀ ਰਖਵਾ ਸਕਦੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿੱਛੇ ਜਿਹੇ ਨਿਊ ਯਾਰਕ ’ਚ ਜਦੋਂ ਉਨ੍ਹਾਂ ਮਲੇਸ਼ੀਆ ਤੇ ਤੁਰਕੀ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ’ਚ ਕਸ਼ਮੀਰ ਮੁੱਦਾ ਉਠਾਇਆ ਸੀ; ਤਦ ਸਊਦੀ ਅਰਬ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ (ਜਿਨ੍ਹਾਂ ਦਾ ਬਾਦਸ਼ਾਹ ਬਣਨਾ ਤੈਅ ਹੈ) ਤਾਂ ਸ੍ਰੀ ਇਮਰਾਨ ਖ਼ਾਨ ਤੋਂ ਨਾਰਾਜ਼ ਵੀ ਹੋ ਗਏ ਸਨ।