PSEB ਨੇ ਜਾਰੀ ਕੀਤੀ ਬੋਰਡ ਦੀਆਂ ਜਮਾਤਾਂ ਦੀ ਸਮਾਂ-ਸਾਰਣੀ, 5ਵੀਂ-8ਵੀਂ-10ਵੀਂ ਤੇ 12ਵੀਂ ਦੇ ਪੇਪਰ ਇੰਨੀ ਤਾਰੀਕ ਤੋਂ…

PSEB ਨੇ ਜਾਰੀ ਕੀਤੀ ਬੋਰਡ ਦੀਆਂ ਜਮਾਤਾਂ ਦੀ ਸਮਾਂ-ਸਾਰਣੀ, 5ਵੀਂ-8ਵੀਂ-10ਵੀਂ ਤੇ 12ਵੀਂ ਦੇ ਪੇਪਰ ਇੰਨੀ ਤਾਰੀਕ ਤੋਂ...

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਨਾਲ ਸਬੰਧਤ ਸਾਰੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਸ਼ੁੱਕਰਵਾਰ ਨੂੰ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਅਕਾਦਮਿਕ ਸਾਲ 2019-20 ਲਈ ਪੰਜਵੀਂ/ਅੱਠਵੀਂ ਅਤੇ ਦਸਵੀਂ/ਬਾਰਵੀਂ ਦੀਆਂ ਪ੍ਰੀਖਿਆਵਾਂ ਫਰਵਰੀ-2020 ਤੋਂ ਸ਼ੁਰੂ ਹੋਣਗੀਆਂ। ਬੋਰਡ ਦੇ ਅਧਿਕਾਰੀਆਂ ਨੇ ਪ੍ਰੀਖਿਆਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕਰਦਿਆਂ ਹਾਲੇ ਪ੍ਰੀਖਿਆ ਕੇਂਦਰ ਨਾ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨਾਲ਼ ਸਬੰਧਤ ਪ੍ਰੀਖਿਆ ਫਾਰਮ ਹਾਲੇ ਬੋਰਡ ਨੂੰ ਪ੍ਰਾਪਤ ਹੋ ਰਹੇ ਹਨ। ਦਾਅਵਾ ਹੈ ਕਿ ਅਗਲੇ ਮਹੀਨੇ ਤਕ ਪ੍ਰੀਖਿਆ ਕੇਂਦਰਾਂ ਵਾਲਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਹ ਵੀ ਜਾਣਕਾਰੀ ਹੈ ਕਿ ਪੰਜਵੀਂ ਜਮਾਤ ਲਈ ਪੰਜਾਬ ਦੇ ਹਰ ਸਕੂਲ ਵਿਚ ਪ੍ਰੀਖਿਆ ਕੇਂਦਰ ਬਣਾਇਆ ਜਾ ਰਿਹਾ ਹੈ, ਹਾਲਾਂਕਿ ਪ੍ਰੀਖਿਆ ਕੇਂਦਰਾਂ ਲਈ ਵਿਦਿਆਰਥੀਆਂ ਦੀ ਗਿਣਤੀ ਤੈਅ ਹੁੰਦੀ ਹੈ ਪਰ ਹਾਲ ਦੀ ਘੜੀ ਅਜਿਹੀ ਕੋਈ ਸ਼ਰਤ ਨਹੀਂ ਲਗਾਈ ਗਈ। ਪੰਜਵੀਂ ਤੇ ਅੱਠਵੀਂ ਜਮਾਤ ਦੀ ਪ੍ਰੀਖਿਆ 28 ਫਰਵਰੀ ਜਦਕਿ ਅੱਠਵੀਂ ਜਮਾਤ ਦੀ ਪ੍ਰੀਖਿਆ 3 ਮਾਰਚ ਤੋਂ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 17 ਮਾਰਚ ਤੋਂ ਸ਼ੁਰੂ ਹੋਣਗੀਆਂ, ਜਿਸ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 1.15 ਤਕ ਜਦਕਿ ਬਾਰਵੀਂ ਜਮਾਤ ਦੇ ਵਿਦਿਆਰਥੀ 3 ਮਾਰਚ ਤੋਂ ਪ੍ਰੀਖਿਆ ਦੇਣਗੇ, ਜਿਨ੍ਹਾਂ ਲਈ ਸਮਾਂ ਦੁਪਿਹਰ 2 ਵਜੇ ਤੋਂ 5.15 ਤਕ ਰਹੇਗਾ।

ਜ਼ਿਕਰਯੋਗ ਹੈ ਕਿ ਆਰਟੀਈ ਐਕਟ ਵਿਚ ਸੋਧ ਹੋਣ ਤੋਂ ਬਾਅਦ ਸਿੱਖਿਆ ਬੋਰਡ 10 ਸਾਲ ਬਾਅਦ ਪੰਜਵੀ ਅਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਲੈ ਰਿਹਾ ਹੈ। ਇਸ ਤੋਂ ਪਹਿਲਾਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਾਲ 2010 ਵਿਚ ਆਖ਼ਰੀ ਵਾਰ ਬੋਰਡ ਦੀ ਪ੍ਰੀਖਿਆ ਦਿੱਤੀ ਸੀ।

ਬਾਰ੍ਹਵੀਂ ਦਾ ਪਹਿਲਾ ਪੇਪਰ ਪੰਜਾਬੀ ਦਾ

ਪੰਜਵੀਂ ਅਤੇ ਅੱਠਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ, ਉਰਦੂ ਅਤੇ ਹਿੰਦੀ ਦਾ ਹੋਵੇਗਾ ਜਦਕਿ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਹਿਲਾ ਪੇਪਰ ਪਹਿਲੀ ਭਾਸ਼ਾ ਪੰਜਾਬੀ ਦਾ ਰੱਖਿਆ ਗਿਆ ਹੈ। ਬਾਰ੍ਹਵੀਂ ਜਮਾਤ ਦੇ ਨਾਨ-ਮੈਡੀਕਲ, ਮੈਡੀਕਲ, ਵੋਕੇਸ਼ਨਲ ਅਤੇ ਕਾਮਰਸ ਦੇ ਵਿਦਿਆਰਥੀਆਂ ਲਈ ਪਹਿਲਾ ਪੇਪਰ ਜਨਰਲ ਪੰਜਾਬੀ ਦਾ ਹੀ ਹੋਵੇਗਾ।

ਕੰਟਰੋਲਰ ਪ੍ਰੀਖਿਆਵਾਂ ਮਹਿਰੋਕ ਨੇ ਕਿਹਾ-

ਜਲਦ ਹੀ ਪ੍ਰੀਖਿਆ ਕੇਂਦਰ ਵੀ ਬਣਾ ਲਏ ਜਾਣਗੇ। ਡੇਟਸ਼ੀਟ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਵਿਦਿਆਰਥੀ ਪ੍ਰੀਖਿਆਵਾਂ ਦੀ ਤਰੀਕਾ ਦੇਖ ਕੇ ਆਪਣੀ ਪੜ੍ਹਾਈ ਦੀ ਤਿਆਰੀ ਕਰ ਸਕਣ।

Leave a Reply

Your email address will not be published. Required fields are marked *