ਨਕਸਲੀਆਂ ਨੇ ਬੰਬ ਧਮਾਕੇ ਨਾਲ ਪੁੱਲ ਉਡਾਇਆ…

ਨਕਸਲੀਆਂ ਨੇ ਬੰਬ ਧਮਾਕੇ ਨਾਲ ਪੁੱਲ ਉਡਾਇਆ...

 ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਗੇੜ ‘ਚ ਸੂਬੇ ਦੀਆਂ 13 ਵਿਧਾਨ ਸਭਾ ਸੀਟਾਂ ਲਈ 37 ਲੱਖ 83 ਹਜ਼ਾਰ 55 ਵੋਟਰ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕਰ ਕੇ 189 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਗੇੜ ‘ਚ ਪਹਿਲੀ ਵਾਰ 1,05,822 ਨਵੇਂ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਇਸ ਦੌਰਾਨ ਗੁਮਲਾ ਜ਼ਿਲ੍ਹੇ ਦੇ ਵਿਸ਼ਣੁਪੁਰ ‘ਚ ਇੱਕ ਪੁਲ ਨੂੰ ਨਕਸਲੀਆਂ ਨੇ ਬੰਬ ਨਾਲ ਉਡਾ ਦਿੱਤਾ। ਇਸ ਹਮਲੇ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਡਿਪਟੀ ਕਮਿਸ਼ਨਰ ਸ਼ਸ਼ੀ ਰੰਜਨ ਨੇ ਕਿਹਾ ਕਿ ਵੋਟਿੰਗ ‘ਤੇ ਕੋਈ ਅਸਰ ਨਹੀਂ ਪਿਆ ਹੈ।

ਜ਼ਿਕਰਯੋਗ ਹੈ ਕਿ ਪਹਿਲੇ ਗੇੜ ਦੀਆਂ ਚੋਣਾਂ ‘ਚ ਜ਼ਿਲ੍ਹਾ ਚਤਰਾ, ਗੁਮਲਾ, ਬਿਸ਼ੁਨਪੁਰ, ਲੋਹਰਦਗਾ, ਮਨਿਕਾ, ਲਾਤੇਹਾਰ, ਪਾਂਕੀ, ਡਾਲਟਨਗੰਜ, ਵਿਸ਼ਰਾਮਪੁਰ, ਛਤਰਪੁਰ, ਹੁਸੈਨਾਬਾਦ, ਗੜਵਾ ਅਤੇ ਭਵਨਾਥਪੁਰ ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਕੁੱਲ 189 ਉਮੀਦਵਾਰ ਚੋਣ ਮੈਦਾਨ ‘ਚ ਹਨ। ਇਨ੍ਹਾਂ ‘ਚ 15 ਮਹਿਲਾ ਉਮੀਦਵਾਰ ਹਨ। ਸੱਭ ਤੋਂ ਵੱਧ 28 ਉਮੀਦਵਾਰ ਭਵਨਾਥਪੁਰ ਸੀਟ ‘ਤੇ ਹਨ, ਜਦਕਿ ਚਤਰਾ ‘ਚ ਸੱਭ ਤੋਂ ਘੱਟ ਸਿਰਫ 9 ਉਮੀਦਵਾਰ ਚੋਣ ਲੜ ਰਹੇ ਹਨ। ਨਤੀਜੇ 23 ਦਸੰਬਰ ਨੂੰ ਆਉਣਗੇ। ਕੁੱਲ 4892 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ‘ਚੋਂ 1262 ਵੋਟਿੰਗ ਕੇਂਦਰ ਤੋਂ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਧਰ ਮੁੱਖ ਮੰਤਰੀ ਰਘੁਵਰ ਦਾਸ ਨੇ ਲੋਕਾਂ ਨੂੰ ਵੱਡੀ ਗਿਣਤੀ ‘ਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਇੱਕ-ਇੱਕ ਵੋਟ ਸੂਬੇ ਦੇ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਦੇਵੇਗੀ।

Leave a Reply

Your email address will not be published. Required fields are marked *