ਪਹਿਲੇ ਬੱਚੇ ਲਈ ਸਰਕਾਰ ਵਲੋਂ ਮਿਲਦੇ ਨੇ 5 ਹਜ਼ਾਰ ਰੁਪਏ: ਅਰੁਨਾ ਚੌਧਰੀ

ਪਹਿਲੇ ਬੱਚੇ ਲਈ ਸਰਕਾਰ ਵਲੋਂ ਮਿਲਦੇ ਨੇ 5 ਹਜ਼ਾਰ ਰੁਪਏ: ਅਰੁਨਾ ਚੌਧਰੀ

ਚੰਡੀਗੜ੍ਹ : ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਸਿਹਤ ਪ੍ਰਤੀ ਪੂਰਾ ਧਿਆਨ ਦੇਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ. ਐਮ. ਐਮ. ਵੀ. ਵਾਈ.) ਸਕੀਮ ਹੇਠ ਪਹਿਲੀ ਜਨਵਰੀ 2017 ਤੋਂ 26 ਨਵੰਬਰ 2019 ਤੱਕ 2 ਲੱਖ 47 ਹਜ਼ਾਰ 506 ਲਾਭਪਾਤਰੀਆਂ ਨੂੰ 94 ਕਰੋੜ 65 ਲੱਖ 46 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਗਈ ਹੈ।

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਬੀਤੀ ਸ਼ਾਮ ਪੀ. ਐਮ. ਐਮ. ਵੀ. ਵਾਈ. ਸਕੀਮ ਬਾਰੇ ਹੋਈ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਸਕੀਮ ਦੀ ਪ੍ਰਗਤੀ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਰਿਵਾਰ ਦੇ ਪਹਿਲੇ ਜੀਵਤ ਬੱਚੇ ਲਈ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਉਨ੍ਹਾਂ ਦੇ ਬੈਂਕ/ਪੋਸਟ ਆਫਿਸ ਦੇ ਖਾਤੇ ਵਿੱਚ ਸਿੱਧੇ ਤੌਰ ‘ਤੇ 5 ਹਜ਼ਾਰ ਰੁਪਏ ਦੀ ਨਗਦ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਪੀ. ਐਮ. ਐਮ. ਵੀ. ਵਾਈ. ਨੂੰ ਆਂਗਣਵਾੜੀ ਸੇਵਾਵਾਂ ਦੇ ਮੰਚ ਦੀ ਵਰਤੋਂ ਕਰਕੇ ਲਾਗੂ ਕੀਤਾ ਜਾ ਰਿਹਾ ਹੈ।ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਸਕੀਮ ਦੇ ਪ੍ਰਭਾਵੀ ਨਤੀਜੇ ਨਿਕਲੇ ਹਨ ਅਤੇ ਮਹਿਲਾਵਾਂ ਨੂੰ ਮਦਦ ਮਿਲਣੀ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਕੋਈ ਯੋਗ ਲਾਭਪਾਤਰੀ ਇਸ ਸਕੀਮ ਦੇ ਘੇਰੇ ਵਿੱਚੋਂ ਬਾਹਰ ਰਹਿ ਗਿਆ ਹੈ ਤਾਂ ਉਹ ਤੁਰੰਤ ਨੇੜੇ ਦੇ ਆਂਗਣਵਾੜੀ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ ਤਾਂ ਜੋ ਉਸ ਨੂੰ ਮਿਲਣ ਵਾਲੀ ਮਾਲੀ ਮਦਦ ਉਸ ਦੇ ਖਾਤੇ ਵਿੱਚ ਪਾਈ ਜਾ ਸਕੇ।

ਇਸੇ ਦੌਰਾਨ ਹੀ ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਤੋਂ 8 ਦਸੰਬਰ 2019 ਤੱਕ ਮਾਤਰੂ ਵੰਦਨਾ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਦਾ ਥੀਮ ”ਸਿਹਤਮੰਦ ਰਾਸ਼ਟਰ ਦੀ ਉਸਾਰੀ ਵੱਲ- ਸੁਰਕਸ਼ਿਤ ਜਨਨੀ, ਵਿਕਸਿਤ ਧਾਰਿਨੀ” ਹੈ। ਇਸ ਪ੍ਰੋਗਰਾਮ ਅਧੀਨ ਸਰਕਾਰ ਭਾਈਚਾਰਿਆਂ ਨਾਲ ਰਾਬਤੇ ਨੂੰ ਹੋਰ ਮਜ਼ਬੂਤ ਬਣਾਏਗੀ ਅਤੇ ਪਹਿਲੀ ਵਾਰ ਗਰਭਵਤੀ ਹੋਣ ਵਾਲੀਆਂ ਔਰਤਾਂ ਦੇ ਮਾਂ ਬਣਨ ਤੱਕ ਦੇ ਸਫਰ ਵਿੱਚ ਮਦਦ ਕਰੇਗੀ।

Leave a Reply

Your email address will not be published. Required fields are marked *